ਗੁਰੂ ਤੇਗ਼ ਬਹਾਦਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰੂ ਤੇਗ਼ ਬਹਾਦਰ (1621–1675): ਸਿੱਖ ਕੌਮ ਦੇ ਨੌਂਵੇਂ ਗੁਰੂ, ਗੁਰੂ ਤੇਗ਼ ਬਹਾਦਰ ਦਾ ਜਨਮ 1621 ਵਿੱਚ ਅੰਮ੍ਰਿਤਸਰ ਵਿਖੇ ਹੋਇਆ ਸੀ। ਆਪ ਦੇ ਪਿਤਾ ਗੁਰੂ ਹਰਿਗੋਬਿੰਦ ਅਤੇ ਮਾਤਾ ਬੀਬੀ ਨਾਨਕੀ ਸਨ। ਗੁਰੂ ਹਰਿਗੋਬਿੰਦ ਦੀਆਂ ਤਿੰਨ ਸ਼ਾਦੀਆਂ ਤੋਂ ਪੰਜ ਸਪੁੱਤਰ (ਬਾਬਾ ਗੁਰਦਿੱਤਾ, ਸੂਰਜਮਲ, ਅਣੀ ਰਾਇ, ਅਟਲ ਰਾਇ ਅਤੇ ਗੁਰੂ ਤੇਗ਼ ਬਹਾਦਰ) ਅਤੇ ਇੱਕ ਸਪੁੱਤਰੀ (ਬੀਰੋ) ਪੈਦਾ ਹੋਏ ਸਨ। ਇਹਨਾਂ ਸਾਰਿਆਂ ਵਿੱਚੋਂ ਗੁਰੂ ਤੇਗ਼ ਬਹਾਦਰ ਸਭ ਤੋਂ ਛੋਟੇ ਸਨ। ਇਹਨਾਂ ਦਾ ਵਿਆਹ 1632 ਵਿੱਚ ਕਰਤਾਰਪੁਰ ਨਿਵਾਸੀ ਲਾਲ ਚੰਦ ਦੀ ਸਪੁੱਤਰੀ (ਮਾਤਾ) ਗੁਜਰੀ ਨਾਲ ਹੋਇਆ ਸੀ।

     ਭਾਰਤ ਦੀ ਅਧੋਗਤੀ ਨੂੰ ਵੇਖਦਿਆਂ ਹੋਇਆਂ ਗੁਰੂ ਹਰਿਗੋਬਿੰਦ ਸਾਹਿਬ ਨੇ ਦੇਸ-ਉੱਧਾਰ ਲਈ ਭਗਤੀ- ਗਿਆਨ ਦੇ ਨਾਲ-ਨਾਲ ਸੂਰਬੀਰਤਾ ਦਾ ਪ੍ਰਚਾਰ ਵੀ ਜ਼ਰੂਰੀ ਸਮਝਿਆ। ਗੁਰੂ ਜੀ ਦੇ ਪੰਜਾਂ ਪੁੱਤਰਾਂ ਵਿੱਚੋਂ ਬਾਬਾ ਗੁਰਦਿੱਤਾ ਜੀ ਹੀ ਭਗਤੀ ਤੇ ਸੂਰਵੀਰਤਾ ਦਾ ਸੁਮੇਲ ਸਨ। 1634 ਵਿੱਚ ਕਾਲੇ ਖ਼ਾਂ, ਪੈਂਦੇ ਖ਼ਾਂ ਆਦਿ ਯੋਧਿਆਂ ਨਾਲ ਕਰਤਾਰਪੁਰ ਦੀ ਜੰਗ ਮਗਰੋਂ ਗੁਰੂ ਹਰਿਗੋਬਿੰਦ ਕੀਰਤਪੁਰ ਜਾ ਬਿਰਾਜੇ ਅਤੇ ਧਰਮ-ਪ੍ਰਚਾਰ ਦਾ ਕੰਮ ਜਾਰੀ ਰੱਖਿਆ। 1638 ਵਿੱਚ ਬਾਬਾ ਗੁਰਦਿੱਤਾ ਜੀ ਪਰਲੋਕ ਸਿਧਾਰ ਗਏ। ਇਸ ਲਈ 1744 ਵਿੱਚ ਆਪਣੇ ਯੋਗ ਪੋਤੇ ਗੁਰੂ ਹਰਿਰਾਇ (ਬਾਬਾ ਗੁਰਦਿੱਤਾ ਜੀ ਦੇ ਸਪੁੱਤਰ) ਨੂੰ ਗੁਰਗੱਦੀ ਤੇ ਥਾਪ ਕੇ ਆਪ ਜੋਤੀ-ਜੋਤ ਸਮਾ ਗਏ।

     ਗੁਰੂ ਹਰਿਗੋਬਿੰਦ ਦੇ ਹੁੰਦਿਆਂ ਹੀ (ਗੁਰੂ) ਤੇਗ਼ ਬਹਾਦਰ ਦੁਨੀਆਦਾਰੀ ਤੋਂ ਉਪਰਾਮ ਰਹਿਣ ਲੱਗੇ। ਕਈ-ਕਈ ਦਿਨ ਸਮਾਧੀ ਵਿੱਚ ਜੁੜੇ ਰਹਿੰਦੇ ਸਨ। ਗੁਰੂ ਹਰਿਗੋਬਿੰਦ ਦੇ ਜੋਤੀ-ਜੋਤ ਸਮਾਉਣ ਮਗਰੋਂ ਇਹਨਾਂ ਨੇ ਮਾਤਾ ਨਾਨਕੀ ਅਤੇ ਧਰਮ ਪਤਨੀ ਗੁਜਰੀ ਸਮੇਤ ਆਪਣੇ ਨਾਨਕਾ ਪਿੰਡ ਬਕਾਲਾ ਵਿੱਚ ਠਿਕਾਣਾ ਬਣਾ ਲਿਆ। ਗੁਰੂ ਹਰਿਰਾਇ, ਆਪਣੇ ਸਪੁੱਤਰ (ਗੁਰੂ) ਹਰਿਕ੍ਰਿਸ਼ਨ ਨੂੰ 1661 ਵਿੱਚ ਗੁਰਗੱਦੀ ਸੌਂਪ ਕੇ ਗੁਰਪੁਰੀ ਸਿਧਾਰ ਗਏ। ਸੰਮਤ 1664 ਵਿੱਚ ਗੁਰੂ ਹਰਿਕ੍ਰਿਸ਼ਨ ਨੇ ਜੋਤੀ-ਜੋਤ ਸਮਾਉਣ ਸਮੇਂ ਕੇਵਲ “ਬਾਬਾ ਬਕਾਲੇ" ਕਹਿ ਕੇ ਗੁਰਗੱਦੀ ਦੇ ਜਾਨਸ਼ੀਨ ਵੱਲ ਸੰਕੇਤ ਹੀ ਕੀਤਾ ਸੀ। ਇਸ ਦੇ ਫਲਸਰੂਪ “ਬਕਾਲੇ" ਵਿੱਚ ਅਣਗਿਣਤ ਭੇਖੀਆਂ ਨੇ ਗੁਰਗੱਦੀ ਦੇ ਦਾਅਵੇਦਾਰ ਹੋਣ ਦਾ ਪਖੰਡ ਰਚਾ ਲਿਆ। ਪਰ ਮੱਖਣ ਸ਼ਾਹ ਲੁਬਾਣਾ ਦੇ ਯਤਨਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਤੇਗ਼ ਬਹਾਦਰ ਨੇ 1665 ਵਿੱਚ ਗੁਰੂ ਨਾਨਕ ਦੀ ਗੱਦੀ ਦੇ ਨੌਂਵੇਂ ਵਾਰਸ ਵਜੋਂ ਬਿਰਾਜਮਾਨ ਹੋ ਕੇ ਗੁਰਸਿੱਖੀ ਦੇ ਪ੍ਰਚਾਰ ਲਈ ਮਾਲਵਾ, ਪੁਆਧ, ਬਾਂਗਰ ਤੇ ਪੂਰਬ ਵੱਲ ਬਿਹਾਰ ਅਤੇ ਬੰਗਾਲ ਆਦਿ ਇਲਾਕਿਆਂ ਵਿੱਚ ਵਿਚਰ ਕੇ ਸਿੱਖ ਧਰਮ ਦ੍ਰਿੜ੍ਹਾਇਆ।

     ਗੁਰੂ ਤੇਗ਼ ਬਹਾਦਰ ਨੇ ਪਹਾੜੀ ਰਾਜਿਆਂ ਤੋਂ ਸਤਲੁਜ ਕਿਨਾਰੇ ਜ਼ਮੀਨ ਖ਼ਰੀਦ ਕੇ ਨਵਾਂ ਨਗਰ ਅਨੰਦਪੁਰ ਸਾਹਿਬ ਵਸਾਇਆ। ਛੇਤੀ ਹੀ ਇਹ ਸਿੱਖੀ ਦਾ ਕੇਂਦਰ ਬਣ ਗਿਆ।

     ਗੁਰੂ ਤੇਗ਼ ਬਹਾਦਰ ਨੇ ਪੰਜਾਬ ਤੋਂ ਬਾਹਰ ਦੇ ਸੂਬਿਆਂ ਵਿੱਚ ਪ੍ਰਚਾਰ ਕਰਨ ਉਪਰ ਜ਼ਿਆਦਾ ਜ਼ੋਰ ਦਿੱਤਾ ਸੀ। ਉਹਨਾਂ ਦਿਨਾਂ ਵਿੱਚ ਦਿੱਲੀ ਦੇ ਤਖ਼ਤ ਉਪਰ ਮੁਗ਼ਲ ਬਾਦਸ਼ਾਹ ਔਰੰਗ਼ਜ਼ੇਬ ਦਾ ਰਾਜ ਸੀ। ਉਹ ਨਹੀਂ ਸੀ ਚਾਹੁੰਦਾ ਕਿ ਕਿਸੇ ਹੋਰ ਧਰਮ ਦਾ ਪ੍ਰਚਾਰ-ਪ੍ਰਸਾਰ ਹੋਵੇ। ਉਸ ਨੇ ਦੂਜੇ ਧਰਮਾਂ ਉਪਰ ਬੰਦਸ਼ਾਂ ਲਾ ਕੇ ਉਹਨਾਂ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਸੀ। ਗੁਰੂ ਤੇਗ਼ ਬਹਾਦਰ ਇਹਨਾਂ ਬੰਦਸ਼ਾਂ ਦੇ ਬਾਵਜੂਦ ਉੱਤਰ ਪ੍ਰਦੇਸ਼ ਵਿੱਚ ਸਿੱਖ ਸੰਗਤਾਂ ਨੂੰ ਮਿਲਦੇ, ਬਿਹਾਰ ਵਿੱਚ ਪਟਨੇ ਮਾਤਾ ਗੁਜਰੀ ਨੂੰ ਪੱਕੇ ਤੌਰ `ਤੇ ਰਹਿਣ ਦੀ ਆਗਿਆ ਦੇ ਕੇ ਬੰਗਾਲ ਤੇ ਆਸਾਮ ਵੱਲ ਪ੍ਰਚਾਰ ਲਈ ਨਿਕਲ ਗਏ। ਇਸੇ ਦੌਰਾਨ ਗੁਰੂ ਤੇਗ਼ ਬਹਾਦਰ ਦੇ ਘਰ (ਗੁਰੂ) ਗੋਬਿੰਦ (ਸਿੰਘ) ਦਾ ਪਟਨੇ ਵਿੱਚ ਪ੍ਰਕਾਸ਼ (ਜਨਮ) ਹੋਇਆ ਸੀ।

     ਔਰੰਗ਼ਜ਼ੇਬ ਦੇ ਜ਼ੁਲਮਾਂ ਨੂੰ ਵੇਖਦਿਆਂ, ਗੁਰੂ ਜੀ ਅਨੰਦਪੁਰ ਸਾਹਿਬ ਪਰਤ ਆਏ। ਕਸ਼ਮੀਰ ਵਿੱਚ ਜਾਬਰਾਂ ਦੇ ਅਤਿਆਚਾਰਾਂ ਤੋਂ ਤੰਗ ਆ ਕੇ ਉੱਥੋਂ ਦੀ ਸੰਗਤ, ਖ਼ਾਸ ਕਰ ਕੇ ਪੰਡਤਾਂ ਦੀ ਪੁਕਾਰ ਸੁਣ ਕੇ, ਗੁਰੂ ਤੇਗ਼ ਬਹਾਦਰ, ਬਾਦਸ਼ਾਹ ਔਰੰਗ਼ਜ਼ੇਬ ਨੂੰ ਮਿਲਣ ਦਾ ਮਨ ਬਣਾ ਕੇ ਦਿੱਲੀ ਵੱਲ ਰਵਾਨਾ ਹੋ ਗਏ। ਉਹਨਾਂ ਦੇ ਨਾਲ ਭਾਈ ਮਤੀ ਦਾਸ, ਭਾਈ ਦਇਆਲਾ, ਭਾਈ ਜੈਤਾ, ਭਾਈ ਊਦਾ ਤੇ ਭਾਈ ਗੁਰਦਿੱਤਾ ਵੀ ਸਨ। ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਉਹਨਾਂ ਨੂੰ ਰਾਹ ਵਿੱਚ ਹੀ ਗਰਿਫ਼ਤਾਰ ਕਰ ਕੇ ਦਿੱਲੀ ਲੈ ਆਂਦਾ ਗਿਆ ਅਤੇ ਔਰੰਗਜ਼ੇਬ ਦੀਆਂ ਸ਼ਰਤਾਂ ਨਾ ਮੰਨਣ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤਰ੍ਹਾਂ ਉਹਨਾਂ ਨੇ ਧਰਮ ਦਾ ਬੀਜ ਰੱਖਣ ਲਈ 1675 ਵਿੱਚ ਦਿੱਲੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਇਸੇ ਕਰ ਕੇ ਸਾਰਾ ਦੇਸ ਉਹਨਾਂ ਨੂੰ “ਹਿੰਦ ਦੀ ਚਾਦਰ" ਕਹਿ ਕੇ ਯਾਦ ਕਰਦਾ ਹੈ।

     ਜਦੋਂ ਗੁਰੂ ਗੋਬਿੰਦ ਸਿੰਘ ਨੇ ਦਮਦਮਾ ਸਾਹਿਬ ਵਿਖੇ ਸੰਮਤ 1705-06 ਵਿੱਚ ਆਤਮਿਕ ਸ਼ਕਤੀ ਨਾਲ ਮੁੜ ਕੇ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਤਾਂ ਉਹਨਾਂ ਨੇ ਗੁਰੂ ਤੇਗ਼ ਬਹਾਦਰ ਦੀ ਬਾਣੀ (115 ਸਲੋਕ ਤੇ ਸ਼ਬਦ) ਵੀ ਉਸ ਵਿੱਚ ਦਰਜ ਕਰਵਾ ਦਿੱਤੀ ਸੀ। ਇਹਨਾਂ ਦੀ ਵਿਰਾਗਮਈ ਬਾਣੀ ਕਠੋਰ ਮਨਾਂ ਨੂੰ ਵੀ ਕੋਮਲ ਕਰਨ ਦੀ ਅਪਾਰ ਸ਼ਕਤੀ ਰੱਖਦੀ ਹੈ।


ਲੇਖਕ : ਅਜਮੇਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.